Daily Headline Punjab (Ankush) :
ਰਾਜ ਵਿੱਚ ਐਮਰਜੈਂਸੀ ਤਿਆਰੀਆਂ ਦੀ ਜਾਂਚ ਲਈ ਸ਼ੁੱਕਰਵਾਰ, 24 ਅਪ੍ਰੈਲ 2026 ਨੂੰ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਵੱਡੇ ਪੱਧਰ ‘ਤੇ ਬਲੈਕਆਉਟ ਮੌਕ ਡ੍ਰਿਲ ਕਰਵਾਈ ਜਾਵੇਗੀ। ਇਹ ਡ੍ਰਿਲ ਰਾਤ 8:00 ਵਜੇ ਤੋਂ 8:15 ਵਜੇ ਤੱਕ ਚੱਲੇਗੀ, ਜਿਸ ਦੌਰਾਨ ਸ਼ਹਿਰਾਂ ਦੇ ਚੁਣਿੰਦੇ ਇਲਾਕਿਆਂ ਨੂੰ ਪੂਰੀ ਤਰ੍ਹਾਂ ਹਨੇਰੇ (ਬਲੈਕਆਉਟ) ਵਿੱਚ ਰੱਖਿਆ ਜਾਵੇਗਾ।
ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਪਾਇਟੈਕਸ ਗ੍ਰਾਊਂਡ (ਰਣਜੀਤ ਐਵਨਿਊ) ਅਤੇ ਲੁਧਿਆਣਾ ਦੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਸਮੇਤ ਅਗਰ ਨਗਰ ਦੇ PSPCL ਡਿਵਿਜ਼ਨ ਹੇਠ ਆਉਂਦੇ ਇਲਾਕਿਆਂ ਵਿੱਚ ਇਹ ਅਭਿਆਸ ਕੀਤਾ ਜਾਵੇਗਾ।
ਡ੍ਰਿਲ ਸ਼ੁਰੂ ਹੋਣ ਤੋਂ ਪਹਿਲਾਂ ਸ਼ਾਮ 7:55 ਵਜੇ ਸਾਇਰਨ ਵੱਜੇਗਾ, ਜਿਸ ਨਾਲ ਲੋਕਾਂ ਨੂੰ ਸਚੇਤ ਕੀਤਾ ਜਾਵੇਗਾ। ਇਸਦੇ ਨਾਲ ਹੀ ਧਾਰਮਿਕ ਸਥਾਨਾਂ ਤੋਂ ਪਬਲਿਕ ਐਲਾਨ ਵੀ ਕੀਤੇ ਜਾਣਗੇ। ਸਾਇਰਨ ਵੱਜਦੇ ਹੀ PSPCL ਵੱਲੋਂ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇਗੀ।
ਇਸ ਮੌਕ ਡ੍ਰਿਲ ਵਿੱਚ NDRF (ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ), ਫਾਇਰ ਬ੍ਰਿਗੇਡ, ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਵਿਭਾਗ, ਸਿਹਤ ਵਿਭਾਗ, ਨਗਰ ਨਿਗਮ, ਸਿਵਲ ਡਿਫੈਂਸ ਅਤੇ NCC ਵਰਗੀਆਂ ਏਜੰਸੀਆਂ ਮਿਲ ਕੇ ਰੀਅਲ-ਟਾਈਮ ਐਮਰਜੈਂਸੀ ਸਥਿਤੀ ਦਾ ਅਭਿਆਸ ਕਰਨਗੀਆਂ।
ਲੋਕਾਂ ਲਈ ਜ਼ਰੂਰੀ ਹਦਾਇਤਾਂ :
ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਸਾਰੀਆਂ ਲਾਈਟਾਂ ਪੂਰੀ ਤਰ੍ਹਾਂ ਬੰਦ ਰੱਖਣ, ਜਨਰੇਟਰ ਜਾਂ ਇਨਵਰਟਰ ਦਾ ਇਸਤੇਮਾਲ ਨਾ ਕਰਨ, ਟਾਰਚ, ਮੋਮਬੱਤੀ ਜਾਂ ਮਾਚਿਸ ਦਾ ਵੀ ਉਪਯੋਗ ਨਾ ਕੀਤਾ ਜਾਵੇ। ਘਬਰਾਉਣ ਦੀ ਲੋੜ ਨਹੀਂ, ਇਹ ਸਿਰਫ਼ ਇੱਕ ਅਭਿਆਸ ਹੈ।
ਇਸ ਐਕਸਰਸਾਈਜ਼ ਦਾ ਮਕਸਦ ਕਿਸੇ ਵੀ ਅਚਾਨਕ ਆਉਣ ਵਾਲੀ ਆਫ਼ਤ ਨਾਲ ਨਜਿੱਠਣ ਲਈ ਪ੍ਰਸ਼ਾਸਨ ਅਤੇ ਆਮ ਲੋਕਾਂ ਦੀ ਤਿਆਰੀ ਨੂੰ ਹੋਰ ਮਜ਼ਬੂਤ ਕਰਨਾ ਹੈ।



































