ਜਲੰਧਰ: ਕਾਊਂਟਰ ਇੰਟੈਲੀਜੈਂਸ ਤੇ AGTF ਦੀ ਵੱਡੀ ਕਾਰਵਾਈ, ਹੈਂਡ ਗ੍ਰੇਨੇਡ ਸਮੇਤ ਨੌਜਵਾਨ ਕਾਬੂ

0
244

 

Daily Headline Punjab (ਅੰਕੁਸ਼) – ਜਲੰਧਰ ਵਿੱਚ ਕਮਿਸ਼ਨਰੇਟ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਸਾਂਝੀ ਕਾਰਵਾਈ ਕਰਦਿਆਂ ਇੱਕ ਨੌਜਵਾਨ ਨੂੰ ਬਿਨਾਂ ਨੰਬਰ ਮੋਟਰਸਾਈਕਲ ਅਤੇ ਹੈਂਡ ਗ੍ਰੇਨੇਡ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਮਨਦੀਪ ਸਿੰਘ ਉਰਫ਼ ਰਮਨੀ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਘੜਕੇ ਲੁਹਾਰਾਂ, ਥਾਣਾ ਚੋਹਲਾ ਸਾਹਿਬ, ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈ ਅਤੇ ਫਿਲਹਾਲ ਜਲੰਧਰ ਦੇ ਬਸਤੀ ਸ਼ੇਖ ਇਲਾਕੇ ਵਿੱਚ ਰਹਿ ਰਿਹਾ ਸੀ।

 

ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਇਹ ਆਪਰੇਸ਼ਨ DCP ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ, ADCP ਸਿਟੀ-2 ਰਾਕੇਸ਼ ਕੁਮਾਰ ਯਾਦਵ ਅਤੇ ACP ਵੈਸਟ ਆਤਿਸ਼ ਭਾਟੀਆ ਦੀ ਨਿਗਰਾਨੀ ਹੇਠ ਥਾਣਾ ਡਿਵੀਜ਼ਨ ਨੰਬਰ-5 ਦੀ ਟੀਮ ਨੇ ਕਾਊਂਟਰ ਇੰਟੈਲੀਜੈਂਸ ਅਤੇ AGTF ਦੇ ਸਹਿਯੋਗ ਨਾਲ ਅੰਜ਼ਾਮ ਦਿੱਤਾ।

 

ਪੁਲਿਸ ਮੁਤਾਬਕ 22 ਮਈ ਨੂੰ ਇੰਸਪੈਕਟਰ ਯਾਦਵਿੰਦਰ ਸਿੰਘ ਆਪਣੀ ਟੀਮ ਸਮੇਤ ਕਾਲਾ ਸੰਘਿਆ ਰੋਡ ਕੋਟ ਸਦੀਕ ਨਹਿਰ ਪੁਲੀ ਨੇੜੇ ਮੌਜੂਦ ਸਨ, ਜਦੋਂ ਇੱਕ ਮੁਖਬਿਰ ਨੇ ਸੂਚਨਾ ਦਿੱਤੀ ਕਿ ਇੱਕ ਸ਼ੱਕੀ ਨੌਜਵਾਨ ਬਿਨਾਂ ਨੰਬਰ ਮੋਟਰਸਾਈਕਲ ’ਤੇ ਇਲਾਕੇ ਵਿੱਚ ਘੁੰਮ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਨਾਕਾਬੰਦੀ ਕਰਕੇ ਉਸਨੂੰ ਕਾਬੂ ਕੀਤਾ ਅਤੇ ਤਲਾਸ਼ੀ ਦੌਰਾਨ ਉਸ ਕੋਲੋਂ ਇੱਕ ਹੈਂਡ ਗ੍ਰੇਨੇਡ ਬਰਾਮਦ ਹੋਇਆ।

 

ਪੁਲਿਸ ਨੇ ਮੁਲਜ਼ਮ ਖ਼ਿਲਾਫ਼ BNS ਦੀ ਧਾਰਾ 61(2) ਅਤੇ Explosive Substances Act 1908 ਦੀਆਂ ਧਾਰਾਵਾਂ 4 ਤੇ 5 ਤਹਿਤ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ ਹੈ।

 

ਫਿਲਹਾਲ ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਸਦਾ ਅਪਰਾਧਿਕ ਨੈੱਟਵਰਕ ਕੌਣ-ਕੌਣ ਹੈ ਅਤੇ ਹੈਂਡ ਗ੍ਰੇਨੇਡ ਤੇ ਹੋਰ ਹਥਿਆਰਾਂ ਦੀ ਸਪਲਾਈ ਵਿੱਚ ਕੌਣ-ਕੌਣ ਸ਼ਾਮਲ ਹੈ।

LEAVE A REPLY

Please enter your comment!
Please enter your name here